ਜਦੋਂ ਤੁਹਾਡਾ ਅੱਲ੍ਹੜ ਬੱਚਾ ਦੂਜਿਆਂ ਨਾਲ ਸਾਈਬਰ-ਧੱਕੇਸ਼ਾਹੀ ਕਰ ਰਿਹਾ ਹੁੰਦਾ ਹੈ ਤਾਂ ਕੀ ਕੀਤਾ ਜਾਣਾ ਚਾਹੀਦਾ ਹੈ
ਜਸਟਿਨ ਡਬਲਿਯੂ. ਪੈਚਿਨ ਅਤੇ ਸਮੀਰ ਹਿੰਦੂਜਾ
13 ਜੂਨ, 2022
ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਅੱਲ੍ਹੜ ਬੱਚੇ ਨੇ ਆਨਲਾਈਨ ਦੂਜਿਆਂ ਨਾਲ ਧੱਕੇਸ਼ਾਹੀ ਕੀਤੀ ਹੈ? ਕਈ ਤਰੀਕਿਆਂ ਨਾਲ, ਇਹ ਦ੍ਰਿਸ਼ ਉਸ ਨਾਲੋਂ ਵਧੇਰੇ ਚੁਣੌਤੀਪੂਰਨ ਹੋ ਸਕਦਾ ਹੈ ਜਦੋਂ ਤੁਹਾਡਾ ਅੱਲ੍ਹੜ ਬੱਚਾ ਇਸ ਤੋਂ ਪੀੜਤ ਹੁੰਦਾ ਹੈ। ਇਹ ਮੰਨਣਾ ਮੁਸ਼ਕਲ ਹੋ ਸਕਦਾ ਹੈ ਕਿ ਤੁਹਾਡੇ ਅੱਲ੍ਹੜ ਨੇ ਕਿਸੇ ਹੋਰ ਨੂੰ ਕੁਝ ਕਿਹਾ ਜਾਂ ਕੁਝ ਨੁਕਸਾਨਦਾਇਕ ਕੀਤਾ ਹੈ, ਪਰ ਇੱਕ ਖੁੱਲਾ ਮਨ ਰੱਖੋ। ਇੱਕ ਮਾਂ-ਪਿਓ ਜਾਂ ਦੇਖਭਾਲ ਕਰਨ ਵਾਲੇ ਦੇ ਰੂਪ ਵਿੱਚ, ਇਸ ਹਕੀਕਤ ਨੂੰ ਸਵੀਕਾਰ ਕਰੋ ਕਿ ਉਨ੍ਹਾਂ ਨੂੰ ਸਿਖਾਉਣ ਦੇ ਤੁਹਾਡੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ, ਕੋਈ ਵੀ ਅੱਲ੍ਹੜ ਕੁਝ ਖਾਸ ਹਾਲਾਤਾਂ ਦੇ ਮੱਦੇਨਜ਼ਰ ਮਾੜੀਆਂ ਚੋਣਾਂ ਕਰ ਸਕਦਾ ਹੈ। ਸ਼ੁਰੂ ਵਿੱਚ, ਮਾਂ-ਪਿਓ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਕਿਸੇ ਹੋਰ ਦੀ ਤਰ੍ਹਾਂ ਇਸ ਸਮੱਸਿਆ ਤੱਕ ਪਹੁੰਚ ਕਰਨ ਦੀ ਲੋੜ ਹੁੰਦੀ ਹੈ: ਇੱਕ ਸ਼ਾਂਤ ਤੇ ਸਪਸ਼ਟ ਸਿਰ ਨਾਲ। ਜੇ ਤੁਸੀਂ ਗੁੱਸੇ ਹੋ (ਜੋ ਸ਼ੁਰੂ ਵਿੱਚ ਹੋਣਾ ਸਵਭਾਵਿਕ ਹੈ), ਤਾਂ ਇੱਕ ਡੂੰਘਾ ਸਾਹ ਲਓ ਅਤੇ ਜਦੋਂ ਤੁਸੀਂ ਥੋੜਾ ਸ਼ਾਂਤ ਹੋ ਜਾਂਦੇ ਹੋ ਤਾਂ ਇਸ ਮੁੱਦੇ 'ਤੇ ਮੁੜ-ਵਿਚਾਰ ਕਰੋ। ਤੁਸੀਂ ਮੌਜੂਦਾ ਸਥਿਤੀ ਨਾਲ ਕਿਵੇਂ ਨਜਿੱਠਦੇ ਹੋ, ਇਹ ਨਿਰਧਾਰਿਤ ਕਰੇਗਾ ਕਿ ਤੁਹਾਡੇ ਅੱਲ੍ਹੜ ਬੱਚੇ ਭਵਿੱਖ ਵਿੱਚ ਤੁਹਾਡੇ ਨਾਲ ਕਿਵੇਂ ਸੰਚਾਰ ਕਰਨਗੇ।
ਪਤਾ ਕਰੋ ਕਿ, ਕੀ ਹੋਇਆ ਹੈ
ਸਭ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਤੁਸੀਂ ਇਹ ਸਮਝੋ ਕਿ ਕੀ ਹੋਇਆ ਹੈ। ਪੀੜਤ ਕੋਣ ਹੈ? ਕੀ ਕੋਈ ਹੋਰ, ਜਾਂ ਤਾਂ ਪੀੜਤ, ਗਵਾਹ ਜਾਂ ਹਮਲਾਵਰ ਵਜੋਂ ਸ਼ਾਮਲ ਹੈ? ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ? ਕੀ ਇਸ ਬਾਰੇ ਜਾਣਨ ਲਈ ਸ਼ੱਕੀ ਇੰਟਰੈਕਸ਼ਨ ਦਾ ਕੋਈ ਇਤਿਹਾਸ ਹੈ? ਨੁਕਸਾਨਦੇਹ ਕਾਰਵਾਈਆਂ ਦੀ ਪ੍ਰੇਰਣਾ ਅਤੇ ਉਤਪਤੀ ਕਿੱਥੋਂ ਹੁੰਦੀ ਹੈ? ਕੀ ਵਾਪਰਿਆ ਹੈ ਇਸ ਬਾਰੇ ਜਿੰਨਾ ਵੱਧ ਤੁਸੀਂ ਜਾਣ ਸਕਦੇ ਹੋ, ਜਾਣਨ ਦੀ ਕੋਸ਼ਿਸ਼ ਕਰੋ। ਆਪਣੇ ਅੱਲ੍ਹੜ ਨਾਲ ਗੱਲ ਕਰੋ। ਕਹਾਣੀ ਬਾਰੇ ਉਸਦਾ ਪੂਰਾ ਪੱਖ ਜਾਣੋ। ਉਮੀਦ ਹੈ ਕਿ ਉਹ ਇਸ ਲਈ ਕੁਝ ਨਹੀਂ ਲੁਕਾਉਣਗੇ ਤੇ ਅੱਗੇ ਵੱਧ ਕੇ ਮਦਦ ਕਰਨਗੇ, ਪਰ ਆਮ ਤੌਰ 'ਤੇ ਉਹ ਅਜਿਹਾ ਨਹੀਂ ਕਰਦੇ ਹਨ। ਇਸੇ ਲਈ ਹੀ ਤੁਹਾਡੇ ਖੁਦ ਦੁਆਰਾ ਪਰਿਸਥਿਤੀ ਦੀ ਜਾਂਚ ਕਰਨਾ ਮਹੱਤਵਪੂਰਨ ਹੈ। ਬਹੁਤ ਸਾਰੇ ਨੌਜਵਾਨ ਸਾਈਬਰ-ਧੱਕੇਸ਼ਾਹੀ ਵਿੱਚ ਇਸ ਲਈ ਸ਼ਾਮਲ ਹੁੰਦੇ ਹਨ ਤਾਂ ਜੋ ਕਿਸੇ ਹੋਰ ਵਿਅਕਤੀ ਦੁਆਰਾ ਪਹਿਲਾਂ ਕੀਤੀ ਕਿਸੇ ਚੀਜ਼ ਦਾ ਬਦਲਾ ਲਿਆ ਜਾ ਸਕੇ। ਯਕੀਨੀ ਬਣਾਓ ਕਿ ਤੁਹਾਡੇ ਅੱਲ੍ਹੜ ਬੱਚੇ ਇਹ ਜਾਣਦੇ ਹਨ ਕਿ ਉਹ ਤੁਹਾਡੇ ਕੋਲ ਆ ਸਕਦੇ ਹਨ ਅਤੇ ਆਪਣੇ ਸਾਥੀਆਂ ਸੰਬੰਧੀ ਕਿਸੇ ਵੀ ਮੁੱਦੇ 'ਤੇ ਤੁਹਾਡੇ ਨਾਲ ਚਰਚਾ ਕਰ ਸਕਦੇ ਹਨ। ਉਮੀਦ ਹੈ ਕਿ ਇਹ ਸਮੱਸਿਆ ਦੇ ਹੋਰ ਵੱਧ ਗੰਭੀਰ ਹੋਣ ਤੋਂ ਪਹਿਲਾਂ ਹੋ ਸਕਣ ਵਾਲੇ ਵਿਵਾਦਾਂ ਦੇ ਫੈਲਣ ਨੂੰ ਰੋਕ ਸਕਦਾ ਹੈ।
ਆਪਣੇ ਅੱਲ੍ਹੜ ਬੱਚੇ ਨੂੰ ਸਾਈਬਰ ਧੱਕੇਸ਼ਾਹੀ ਤੋਂ ਰੋਕਣ ਲਈ ਨੁਕਤੇ
- ਪਤਾ ਕਰੋ ਕਿ, ਕੀ ਹੋਇਆ ਅਤੇ ਕਿਉਂ ਹੋਇਆ
- ਇਹ ਪੱਕਾ ਕਰੋ ਕਿ ਉਹ ਹੋਣ ਵਾਲੇ ਨੁਕਸਾਨ ਨੂੰ ਸਮਝਣ
- ਤਰਕਸਿੱਧ ਨਤੀਜੇ ਲਾਗੂ ਕਰੋ
- ਉਨ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਦੀ ਨਿਗਰਾਨੀ ਕਰੋ
ਤਰਕਸਿੱਧ ਨਤੀਜੇ ਸਥਾਪਿਤ ਕਰੋ
ਬਾਲਗ ਵਜੋਂ, ਸਾਨੂੰ ਇਹ ਪਤਾ ਹੈ ਕਿ ਹਰ ਵਤੀਰੇ ਦੇ ਨਤੀਜੇ ਹੁੰਦੇ ਹਨ – ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ। ਇੱਕ ਕੁਦਰਤੀ ਨਤੀਜਾ ਕੁਝ ਅਜਿਹਾ ਹੁੰਦਾ ਹੈ ਜੋ ਕੁਦਰਤੀ ਤੌਰ 'ਤੇ ਜਾਂ ਸਵੈਚਲਿਤ ਤੌਰ 'ਤੇ ਹੀ ਕਿਸੇ ਵਤੀਰੇ ਦੇ ਨਤੀਜੇ ਵਜੋਂ ਹੁੰਦਾ ਹੈ (ਮਨੁੱਖੀ ਦਖਲ ਤੋਂ ਬਿਨਾਂ)। ਉਦਾਹਰਨ ਲਈ, ਜੇ ਕੋਈ ਗਰਮ ਤਵੇ 'ਤੇ ਆਪਣਾ ਹੱਥ ਰੱਖੇਗਾ, ਤਾਂ ਉਹ ਸੜੇਗਾ। ਹਾਲਾਂਕਿ, ਕੁਝ ਕੁਦਰਤੀ ਨਤੀਜੇ ਹਨ, ਜੋ ਕਿ ਬਹੁਤ ਜ਼ਿਆਦਾ ਜੋਖਮ ਵਾਲੇ ਹਨ। ਉਦਾਹਰਨ ਲਈ, ਜੇ ਕੋਈ ਬੱਚਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ, ਤਾਂ ਉਹ ਦੁਰਘਟਨਾ ਦਾ ਸ਼ਿਕਾਰ ਹੋ ਸਕਦਾ ਹੈ, ਅਤੇ ਖੁਦ ਨੂੰ ਜਾਂ ਦੂਸਰੇ ਵਿਅਕਤੀ ਨੂੰ ਮਾਰ ਸਕਦਾ ਹੈ। ਇਸ ਤਰ੍ਹਾਂ ਦੇ ਵਤੀਰਿਆਂ ਲਈ, ਇੱਕ ਤਰਕਸਿੱਧ ਨਤੀਜੇ ਦੀ ਵਰਤੋਂ ਕਰਕੇ ਕੁਦਰਤੀ ਨਤੀਜੇ ਨੂੰ ਹੋਣ ਤੋਂ ਰੋਕਣਾ ਬਿਹਤਰ ਹੁੰਦਾ ਹੈ - ਅਜਿਹਾ ਨਤੀਜਾ ਜੋ ਸਿੱਧਾ-ਸਿੱਧਾ ਸ਼ਾਮਲ ਸੰਭਾਵੀ ਜੋਖਮ ਨਾਲ ਸੰਬੰਧਿਤ ਹੁੰਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਇਸ ਲਈ ਜੇ ਉਹ ਅਲਕੋਹਲ ਨਾਲ ਸੰਬੰਧਿਤ ਜੋਖਮ ਵਾਲੇ ਵਤੀਰੇ ਦਿਖਾਉਂਦੇ ਹਨ ਤਾਂ ਸਾਨੂੰ ਕੁਝ ਸਮੇਂ ਲਈ ਉਨ੍ਹਾਂ ਤੋਂ ਕਾਰ ਵਾਪਸ ਲੈਣੀ ਪੈ ਸਕਦੀ ਹੈ ਜਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਕਾਰ ਦੁਰਘਟਨਾ ਵਾਲੇ ਪੀੜਤਾਂ ਨੂੰ ਮਿਲਵਾਉਣ ਲਿਜਾਣ ਦੀ ਲੋੜ ਪੈ ਸਕਦੀ ਹੈ। ਵੱਧ ਤੋਂ ਵੱਧ ਅਸਰ ਲਈ, ਨਤੀਜਾ ਵਤੀਰੇ ਤੋਂ ਜਿੰਨੀ ਜਲਦੀ ਹੋ ਸਕੇ ਬਾਅਦ ਆਉਣਾ ਚਾਹੀਦਾ ਹੈ (ਕਿਉਂਕਿ ਕੁਦਰਤੀ ਨਤੀਜੇ ਅਕਸਰ ਤੁਰੰਤ ਸਾਹਮਣੇ ਆਉਂਦੇ ਹਨ)। ਇਹ ਜ਼ਰੂਰੀ ਹੈ ਕਿ ਤੁਹਾਡਾ ਬੱਚਾ ਮਿਲੀ ਸਜ਼ਾ ਨੂੰ ਕੀਤੇ ਗਏ ਵਤੀਰੇ ਨਾਲ ਸਾਫ਼-ਸਾਫ਼ ਜੋੜਣ ਦੇ ਯੋਗ ਹੋਵੇ। ਸਾਡੇ ਬੱਚਿਆਂ ਨੂੰ ਅਣਉਚਿਤ ਆਨਲਾਈਨ ਕਾਰਵਾਈਆਂ ਲਈ ਅਨੁਸ਼ਾਸਿਤ ਕਰਨ ਵੇਲੇ ਵੀ ਸਮਾਨ ਤਰੀਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇ ਉਹ ਸੋਸ਼ਲ ਮੀਡੀਆ 'ਤੇ ਦੂਜਿਆਂ ਨੂੰ ਦੁਖੀ ਕਰਨ ਵਾਲੇ ਕਮੈਂਟ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਕੁਝ ਦਿਨਾਂ ਲਈ ਟੈਕਨਾਲੋਜੀ ਦੀ ਵਰਤੋਂ ਕਰਨੀ ਬੰਦ ਕਰਨ ਦੀ ਲੋੜ ਹੈ। ਜੇ ਬੁਰੇ ਟੈਕਸਟ ਮੈਸੇਜ ਭੇਜ ਰਹੇ ਹਨ, ਤਾਂ ਅਜਿਹਾ ਕਰਨ ਕਰਕੇ ਉਨ੍ਹਾਂ ਦੇ ਫ਼ੋਨ ਦੀ ਵਰਤੋਂ ਕੁਝ ਸਮੇਂ ਲਈ ਬੰਦ ਹੋ ਸਕਦੀ ਹੈ। ਇਸ ਗੱਲ ਨੂੰ ਸਪਸ਼ਟ ਕਰਨਾ ਪੱਕਾ ਕਰੋ ਕਿ ਵਤੀਰੇ ਅਢੁਕਵੇਂ ਕਿਉਂ ਹਨ ਅਤੇ ਇਹ ਦਿਖਾਓ ਕਿ ਇਸਦੇ ਕੀ ਕੁਦਰਤੀ ਨਤੀਜੇ ਹੋ ਸਕਦੇ ਹਨ (ਟਾਰਗੇਟ ਬੱਚੇ ਨੂੰ ਨੁਕਸਾਨ, ਆਨਲਾਈਨ ਸਨਮਾਨ ਨੂੰ ਨੁਕਸਾਨ, ਸਕੂਲ ਤੋਂ ਮੁਅੱਤਲ ਕਰਨਾ ਜਾਂ ਬਾਹਰ ਕੱਢਣਾ, ਨਾਬਲਗ ਰਿਕਾਰਡ ਆਦਿ)।
ਆਮ ਤੌਰ 'ਤੇ, ਮਾਂ-ਪਿਓ ਨੂੰ ਸਾਈਬਰ ਧੱਕੇਸ਼ਾਹੀ ਵਿਰੁੱਧ ਆਪਣੀ ਜਵਾਬੀ ਕਾਰਵਾਈ ਬਾਰੇ ਸਾਵਧਾਨੀ ਨਾਲ ਸੋਚਣ ਦੀ ਲੋੜ ਹੁੰਦੀ ਹੈ – ਖ਼ਾਸ ਕਰਕੇ ਉਦੋਂ, ਜਦੋਂ ਉਨ੍ਹਾਂ ਦਾ ਆਪਣਾ ਅੱਲ੍ਹੜ ਬੱਚਾ ਹੀ ਧੱਕੇਸ਼ਾਹੀ ਲਈ ਜਿੰਮੇਵਾਰ ਹੋਵੇ। ਕੋਈ ਵੀ ਇਸ ਵਤੀਰੇ ਨੂੰ ਜਾਰੀ ਨਹੀਂ ਰੱਖਣਾ ਚਾਹੁੰਦਾ, ਇਸ ਕਰਕੇ ਖ਼ਾਸ ਕਦਮ ਚੁੱਕਣ ਦੀ ਲੋੜ ਹੈ। ਹਰ ਅੱਲ੍ਹੜ ਬੱਚਾ ਅਤੇ ਘਟਨਾ ਅਲੱਗ ਹੈ ਅਤੇ ਇਸ ਲਈ ਜੋ ਕੁਝ ਹੋਇਆ, ਉਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਮਹੱਤਵਪੂਰਨ ਹੈ, ਤਾਂ ਕਿ ਤੁਸੀਂ ਸਮਝਦਾਰੀ ਨਾਲ ਕਾਰਵਾਈ ਕਰ ਸਕੋ।